
ਬੁੱਢਾ ਦਰਿਆ ਦੀ ਪੁਰਾਤਨ ਸ਼ਾਨ ਬਹਾਲ ਕਰਨ ਤੱਕ ਜਾਰੀ ਰਹੇਗੀ ਸੇਵਾ- ਸੰਤ ਸੀਚੇਵਾਲ*
- by News & Facts 24
- 09 Apr, 25
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਭੂਖੜੀ ਖੁਰਦ ਦਾ ਦੌਰਾ
*ਐਨ.ਆਰ.ਆਈ ਸਭਾ ਦੀ ਪ੍ਰਧਾਨ ਨੇ ਪਰਵਾਸੀ ਪੰਜਾਬੀਆਂ ਨੂੰ ਸੰਤ ਸੀਚੇਵਾਲ ਦਾ ਸਹਿਯੋਗ ਕਰਨ ਦੀ ਅਪੀਲ*
ਲੁਧਿਆਣਾ, 09 ਅਪ੍ਰੈਲ(ਵਿਸ਼ੇਸ਼)-
ਬੁੱਢੇ ਦਰਿਆ ਦੇ ਕਿਨਾਰੇ ਵਸਿਆ ਪਿੰਡ ਭੂਖੜੀ ਖੁਰਦ ਦਰਿਆ ਦੀ ਸਫਾਈ ਨੂੰ ਲੈਕੇ ਚੱਲ ਰਹੀਆਂ ਗਤੀਆਂ ਦਾ ਕੇਂਦਰੀ ਧੁਰਾ ਬਣ ਗਿਆ ਹੈ। ਅੱਜ ਬਾਅਦ ਦੁਪਹਿਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਦਰਸ਼ ਵਿਜ ਅਤੇ ਮੈਂਬਰ ਸਕੱਤਰ ਜੀ.ਐਸ ਮਜੀਠੀਆ ਸਮੇਤ ਬੋਰਡ ਦੇ ਹੋਰ ਅਧਿਕਾਰੀ ਉਚੇਚੇ ਤੌਰ ‘ਤੇ ਭੂਖੜੀ ਖੁਰਦ ਪਹੁੰਚੇ। ਇਸ ਦੌਰਾਨ ਐਨ.ਆਰ.ਆਈ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਨੇ ਭੂਖੜੀ ਖੁਰਦ ਨੇੜੇ ਬੁੱਢੇ ਦਰਿਆ ਵਿੱਚ ਸਾਫ ਪਾਣੀ ਵੱਗਦਾ ਦੇਖਕੇ ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਸਹਿਯੋਗ ਕਰਨ ਜੋ ਪੰਜਾਬੀਆਂ ਦੀ ਵਿਰਾਸਤ ਸਮਝੇ ਜਾਂਦੇ ਨਦੀਆਂ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਲੱਗੇ ਹੋਏ ਹਨ।

ਪਿੰਡ ਭੂਖੜੀ ਖੁਰਦ ਨੇੜੇ ਬੁੱਢੇ ਦਰਿਆ ਵਿੱਚ ਵੱਗਦੇ ਸਾਫ ਪਾਣੀ ਨਾਲ ਜਲਚਰ ਜੀਵ ਵੀ ਵਾਪਸ ਆਉਣਗੇ। ਪੀ.ਪੀ.ਸੀ.ਬੀ ਦੇ ਚੇਅਰਮੈਨ ਅਦਰਸ਼ ਵਿਜ ਨੇ ਕਿਹਾ ਕਿ ਭੂਖੜੀ ਖੁਰਦ ਨੇੜੇ ਜਿਹੜੀਆਂ ਡੇਅਰੀਆਂ ਦਾ ਗੋਹਾ ਦਰਿਆ ਵਿੱਚ ਪੈਂਦਾ ਸੀ ਉਸ ਨੂੰ ਕੱਢਣ ਵੱਡੀ ਚਣੌਤੀ ਸੀ। ਡੇਅਰੀਆਂ ਦੇ ਗੋਹਾ ਦਾ ਪ੍ਰਬੰਧ ਕਰਕੇ ਸੰਤ ਸੀਚੇਵਾਲ ਨੇ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੋਹੇ ਤੋਂ ਗੰਡੋਆਂ ਦੀ ਖਾਦ ਤਿਆਰ ਕੀਤੀ ਜਾ ਸਕਦੀ ਹੈ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਗੋਹੇ ਰਾਹੀ ਗੰਡੋਆਂ ਦੀ ਖਾਦ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਰਸਾਇਣ ਖਾਂਦਾ ਦੀ ਵਰਤੋਂ ਘਟੇਗੀ

ਐਨ.ਆਰ.ਆਈ ਸਭਾ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਨੇ ਬੁੱਢੇ ਦਰਿਆ ਵਿੱਚ ਸਾਫ ਪਾਣੀ ਵੱਗਦਾ ਦੇਖਕੇ ਕਿਹਾ ਕਿ ਭੂਖੜੀ ਖੁਰਦ ਦਾ ਨਾਂਅ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਜਿੰਨ੍ਹਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਕਾਰ ਸੇਵਾ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਜਿਹੜੇ 250 ਪਿੰਡਾਂ ਵਿੱਚ ਸੀਚੇਵਾਲ ਮਾਡਲ ਸਥਾਪਿਤ ਕੀਤੇ ਹਨ ਉਨ੍ਹਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਪ੍ਰਵਾਸੀ ਪੰਜਾਬੀਆਂ ਨੇ ਪਾਇਆ ਹੈ। ਇਹ ਮਾਡਲ ਅੱਜ ਵੀ ਸਫਲਤਾ ਪੂਰਵਕ ਚੱਲ ਰਹੇ ਹਨ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਵਿੱਚ ਭੂਖੜੀ ਖੁਰਦ ਤੱਕ ਆਏ ਸਾਫ ਪਾਣੀ ਵਿੱਚ ਇਸ਼ਨਾਨ ਕਰਨ ਉਪਰੰਤ ਕਿਹਾ ਕਿ ਇਹ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਅੰਤ ਕਰਨ ਦੀ ਸ਼ੁਰੂਆਤ ਹੈ। ਇੱਥੇ ਪਾਣੀ ਦਾ ਟੀਡੀਐਸ 156 ਮਾਪਿਆ ਗਿਆ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੰਗਤਘਾਟ ਤੱਕ ਸਾਫ਼ ਪਾਣੀ ਵੱਗਣ ਲੱਗ ਪਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਦਰਿਆ ਵਿੱਚੋਂ ਦਹਾਕਿਆਂ ਦੀ ਜੰਮੀ ਗਾਰ ਕੱਢੀ ਜਾ ਰਹੀ ਹੈ। ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਨੇ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਵਿਸਾਖੀ ਦਾ ਇਤਿਹਾਸਕ ਇਸ਼ਨਾਨ ਕਰਨ ਲਈ ਉਨ੍ਹਾਂ ਦੇ ਪਿੰਡ ਭੂਖੜੀ ਖੁਰਦ ਆਉਣ।
ਦਰਿਆ ਕਿਨਾਰੇ ਪੰਛੀਆਂ ਦੀ ਚਹਿਲ-ਪਹਿਲ ਹੋਈ ਸ਼ੁਰੂ
ਦਰਿਆ ਕਿਨਾਰੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਦਰਿਆ ਵਿੱਚ ਸਾਫ ਪਾਣੀ ਵੱਗਣ ਇੱਥੇ ਮੋਰਾਂ ਦੀ ਆਮਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਦਰਿਆ ਦੇ ਕਿਨਾਰੇ ਦਰਜਨ ਤੋਂ ਵੱਧ ਮੋਰ ਦੇਖੇ ਗਏ। ਅੱਜ ਵੀ ਇਸ ਦੇ ਕਿਨਾਰੇ ਮੋਰ ਆਏ ਸਨ। ਮੋਰਾਂ ਤੋਂ ਇਲਾਵਾ ਪਾਣੀ ਵਿੱਚੋਂ ਆਪਣਾ ਭੋਜਨ ਲੱਭਣ ਵਾਲੇ ਪੰਛੀਆਂ ਦੀ ਆਮਦ ਅਤੇ ਉਨ੍ਹਾਂ ਦੀ ਚਹਿ-ਚਹਾਟ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀ ਸੀ। ਭੂਖੜੀ ਖੁਰਦ ਦੇ ਬੱਚੇ ਹੁਣ ਰੋਜ਼ਾਨਾ ਦੁਪਹਿਰ ਵੇਲੇ ਦਰਿਆ ਵਿੱਚ ਇਸ਼ਨਾਨ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।