
ਰਿਟਾਇਰਡ ਪੁਲਸੀਆ ਥਾਣੇ ਚੋਂ ਕਾਰ ਛਡਵਾਉਣ ਲਈ 10 ਹਜਾਰ ਰੁਪਏ ਦੀ ਰਿਸ਼ਵਤ ਦੇ ਮਾਮਲੇ 'ਚ ਵਿਜੀਲੈਂਸ ਨੇ ਦਬੋਚਿਆ
- by News & Facts 24
- 29 Jan, 25
ਮਾਛੀਵਾਡ਼ਾ ਥਾਣੇ ’ ਚੋਂ ਜ਼ਬਤ ਕੀਤੀ ਕਾਰ ਛੁਡਵਾਉਂਦਾ ਸਲਾਖਾ ਪਿੱਛੇ ਪੁਲਸੀਆ
ਮਾਛੀਵਾਡ਼ਾ ਸਾਹਿਬ, 29 ਜਨਵਰੀ (ਸੁਨੀਲ)- ਰਿਟਾਇਰਡ ਪੁਲਸੀਆ ਥਾਣੇ ਚੋਂ ਕਾਰ ਛਡਵਾਉਣ ਲਈ 10 ਹਜਾਰ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਦਬੋਚ ਲਿਆ ਹੈ। ਵਿਜੀਲੈਂਸ ਵਿਭਾਗ ਲੁਧਿਆਣਾ ਦੀ ਟੀਮ ਨੇ ਅੱਜ ਮਾਛੀਵਾਡ਼ਾ ਵਿਖੇ ਇੱਕ ਸੇਵਾਮੁਕਤ ਪੁਲਸ ਕਰਮਚਾਰੀ ਬਲਵਿੰਦਰ ਸਿੰਘ ਨੂੰ ਕਥਿਤ ਤੌਰ 'ਤੇ 10,000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਿੰਡ ਫੱਸੇ ਮੋਹਣ ਮਾਜਰਾ ਦੇ ਸੁਖਵੀਰ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਦਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੁਖਵੀਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਕਾਰ ਮਾਛੀਵਾਡ਼ਾ ਪੁਲਸ ਥਾਣਾ ਵਿਖੇ ਜ਼ਬਤ ਕੀਤੀ ਗਈ ਹੈ ਜਿਸ ਨੂੰ ਛੁਡਵਾਉਣ ਬਦਲੇ ਇੱਕ ਸੇਵਾਮੁਕਤ ਪੁਲਸ ਕਰਮਚਾਰੀ ਬਲਵਿੰਦਰ ਸਿੰਘ 10,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਅੱਜ ਬੱਸ ਸਟੈਂਡ ਨੇਡ਼੍ਹੇ ਜਦੋਂ ਬਲਵਿੰਦਰ ਸਿੰਘ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਣ ਆਇਆ ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਵਿਭਾਗ ਦੀ ਟੀਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਛੀਵਾਡ਼ਾ ਥਾਣਾ ਵਿਖੇ ਗਈ ਜਿੱਥੇ ਕੁਆਰਟਰਾਂ ਕੋਲ ਉਹ ਕਾਰ ਬਰਾਮਦ ਕੀਤੀ ਜਿਸ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਮਾਛੀਵਾਡ਼ਾ ਪੁਲਸ ਦੇ ਕਰਮਚਾਰੀਆਂ ਨੇ ਇੱਕ ਨਾਕਾਬੰਦੀ ਦੌਰਾਨ ਇਸ ਕਾਰ ਨੂੰ ਰੋਕਿਆ ਪਰ ਇਸ ਵਿਚ ਸਵਾਰ ਵਿਅਕਤੀ ਸ਼ੱਕੀ ਹਾਲਤ ਵਿਚ ਕਾਰ ਨੂੰ ਛੱਡ ਮੌਕੇ ਤੋਂ ਫ਼ਰਾਰ ਹੋ ਗਏ ਜਿਸ ਨੂੰ ਪੁਲਸ ਨੇ ਜ਼ਬਤ ਕਰਕੇ ਥਾਣਾ ਲਿਆਂਦਾ ਸੀ। ਬਲਵਿੰਦਰ ਸਿੰਘ ਜੋ ਕਿ ਮਾਛੀਵਾਡ਼ਾ ਪੁਲਸ ਥਾਣਾ ਵਿਖੇ ਕਰਮਚਾਰੀ ਵੀ ਰਿਹਾ ਹੈ ਉਹ ਕਾਰ ਨੂੰ ਛੁਡਵਾਉਣ ਬਦਲੇ ਕਾਰ ਮਾਲਕ ਸੁਖਵੀਰ ਸਿੰਘ ਨਾਲ ਲੈਣ ਦੇਣ ਦੀ ਗੱਲ ਕਰਵਾ ਰਿਹਾ ਸੀ ਜਿਸ ਸਬੰਧੀ 10,000 ਰੁਪਏ ਰਿਸ਼ਵਤ ਲੈਣੀ ਤੈਅ ਹੋਈ ਜਿਸ ਵਿਚ ਉਹ ਕਾਬੂ ਆ ਗਿਆ। ਵਿਜੀਲੈਂਸ ਟੀਮ ਵਲੋਂ ਮਾਛੀਵਾਡ਼ਾ ਥਾਣਾ ਵਿਖੇ ਆ ਕੇ ਇਸ ਗੱਲ ਦੀ ਵੀ ਜਾਂਚ ਕੀਤੀ ਕਿ ਇਹ ਰਿਸ਼ਵਤ ਦੇ ਪੈਸੇ ਕਿਸ ਪੁਲਸ ਕਰਮਚਾਰੀ ਕੋਲ ਜਾਣੇ ਸਨ। ਵਿਜੀਲੈਂਸ ਟੀਮ ਵਲੋਂ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਲਿਜਾਇਆ ਗਿਆ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਿਸ਼ਵਤ ਦਾ ਮਾਮਲਾ ਹੈ ਜਿਸ ਬਾਰੇ ਪੂਰੀ ਜਾਣਕਾਰੀ ਵਿਭਾਗ ਦੇ ਐੱਸ.ਐੱਸ.ਪੀ. ਦੇਣਗੇ ।